ਆਪਣਾ ਪੰਜਾਬ
ਆਪਣਾ ਪੰਜਾਬ ਹੋਵੇ ਹੱਥ 'ਚ ਕਿਤਾਬ ਹੋਵੇ
ਖਾਣ ਪੀਣ ਚੰਗਾ ਹੋਵੇ ਬੋਲਦਾ ਨਾ ਮੰਦਾ ਹੋਵੇ
ਨਸ਼ਿਆਂ ਤੋਂ ਦੂਰ ਹੋਵੇ ਸਿਹਤ ਨਾ ਖਰਾਬ ਹੋਵੇ
ਆਪਣਾ ਪੰਜਾਬ ਹੋਵੇ ਆਪਣਾ ਪੰਜਾਬ....
ਰੌਲ਼ਾ ਰੱਪਾ ਬੰਦ ਹੋਵੇ ਮਿੱਠੀ ਬੋਲ ਬਾਣੀ ਹੋਵੇ
ਸਿਰਾਂ ਵਿਚ ਸਾਫ਼ ਸੋਚ ਸਾਫ਼ ਪੌਣ ਪਾਣੀ ਹੋਵੇ
ਬਾਬਿਆਂ ਦੀ ਬਾਣੀ ਨਾਲ ਵੱਜਦੀ ਰਬਾਬ ਹੋਵੇ
ਆਪਣਾ ਪੰਜਾਬ ਹੋਵੇ ਆਪਣਾ ਪੰਜਾਬ....
ਬੀਬੀਆਂ ਦਾ ਹਾਸਾ ਅਤੇ ਬਾਬਿਆਂ 'ਚ ਜੋਸ਼ ਹੋਵੇ
ਕੁੜੀਆਂ ਆਜ਼ਾਦ ਹੋਣ ਮੁੰਡਿਆਂ ਨੂੰ ਹੋਸ਼ ਹੋਵੇ
ਕਿਸੇ ਨੂੰ ਨਾ ਦੋਸ਼ ਆਪੋ ਆਪਣਾ ਹਿਸਾਬ ਹੋਵੇ
ਆਪਣਾ ਪੰਜਾਬ ਹੋਵੇ ਆਪਣਾ ਪੰਜਾਬ....
ਰੱਜੀ ਪੁੱਜੀ ਨੀਤ ਵਾਲੇ ਆਗੂ ਸਚਿਆਰੇ ਹੋਣ
ਸਾਰੇ ਖੁਸ਼ਹਾਲੀ ਹੋਵੇ ਲੋਕੀ ਨਾ ਬੇਚਾਰੇ ਹੋਣ
ਏਥੇ ਰਹਿ ਜਵਾਨੀਆਂ ਦਾ ਪੂਰਾ ਹਰ ਖ਼ਾਬ ਹੋਵੇ
ਆਪਣਾ ਪੰਜਾਬ ਹੋਵੇ ਆਪਣਾ ਪੰਜਾਬ....
ਘਰ ਘਰ ਵਿਚ ਕਲਾਕਾਰ ਵਿਗਿਆਨੀ ਹੋਣ
ਸਾਰੇ ਲੋਕ ਕਿਰਤੀ ਤੇ ਸਾਰੇ ਲੋਕ ਦਾਨੀ ਹੋਣ
ਵੀਰ ਭਾਈ ਸਾਰੇ ਕੋਈ Sir ਨਾ ਜਨਾਬ ਹੋਵੇ
ਆਪਣਾ ਪੰਜਾਬ ਹੋਵੇ ਆਪਣਾ ਪੰਜਾਬ....
ਲਹਿੰਦੇ ਚੜ੍ਹਦੇ ਨਾ ਕੋਈ ਕਿਸੇ ਨਾਲ ਵੈਰ ਹੋਵੇ
ਰੁੱਖਾਂ ਪਸ਼ੂ ਪੰਛੀਆਂ ਤੇ ਬੰਦਿਆਂ ਦੀ ਖ਼ੈਰ ਹੋਵੇ
ਸਤਲੁਜ ਬੋਲੀ ਪਾਵੇ ਤੇ ਨੱਚਦਾ ਚਨਾਬ ਹੋਵੇ
ਆਪਣਾ ਪੰਜਾਬ ਹੋਵੇ ਆਪਣਾ ਪੰਜਾਬ....
ਜਸਵੰਤ ਜ਼ਫ਼ਰ