ਜਪੁ ਜੀ ਸਾਹਿਬ ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 1 ਸਲੋਕ ਹਨ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ। ਜਪੁਜੀ ਸਾਹਿਬ ਦੇ ਕੁੱਲ 40 ਅੰਗ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋਂ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਵਿੱਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ।
ਇਸ ਬਾਣੀ ਦੀ ਰਚਨਾ ਕਦ ਹੋਈ ? ਇਸ ਸੰਬੰਧ ਵਿਚ ਕੋਈ ਨਿਸ਼ਚਿਤ ਤੱਥ ਸਾਹਮਣੇ ਨਹੀਂ ਆਉਂਦਾ । ‘ ਪੁਰਾਤਨ ਜਨਮਸਾਖੀ ’ ( ਸਾਖੀ ਨੰ.10 ) ਅਨੁਸਾਰ ਵੇਈਂ- ਪ੍ਰਵੇਸ਼ ਉਪਰੰਤ ਗੁਰੂ ਜੀ ਦੇ ਪਰਮਾਤਮਾ ਨਾਲ ਹੋਏ ਸਾਖਿਆਤ- ਕਾਰ ਤੋਂ ਬਾਦ ਇਸ ਬਾਣੀ ਦਾ ਉੱਚਾਰਣ ਹੋਇਆ । ਇਸੇ ਜਨਮਸਾਖੀ ਦੀ 53ਵੀਂ ਸਾਖੀ ਦੇ ਆਧਾਰ’ ਤੇ ‘ ਜਪੁਜੀ’ ਦੀ ਰਚਨਾ ਗੁਰੂ ਨਾਨਕ ਦੇਵ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਪਹਿਲੀ ਭੇਂਟ ਤੋਂ ਪਹਿਲਾਂ ਹੋ ਚੁਕੀ ਸੀ ਕਿਉਂਕਿ ਖਡੂਰ ਨਿਵਾਸੀ ਭੱਲਾ ਜਾਤਿ ਦੇ ਇਕ ਸਿੱਖ ਤੋਂ ਇਸ ਬਾਣੀ ਨੂੰ ਸੁਣ ਕੇ ਹੀ ਗੁਰੂ ਅੰਗਦ ਦੇਵ ਜੀ ਦੇ ਮਨ ਵਿਚ ਇਸ ਦੇ ਰਚੈਤਾ ਪ੍ਰਤਿ ਆਪਣਾ ਆਦਰ ਅਤੇ ਸ਼ਰਧਾ ਪ੍ਰਗਟ ਕਰਨ ਲਈ ਕਰਤਾਰਪੁਰ ਜਾਣਾ ਪਿਆ । ‘ ਮਿਹਰਬਾਨ ਜਨਮਸਾਖੀ’ ਦੀ ਹਰਿਜੀ-ਪੋਥੀ ( ਗੋਸਟਿ 41 ) ਵਿਚ ਲਿਖਿਆ ਹੈ ਕਿ ਇਕ ਵਾਰ ਕਰਤਾਰਪੁਰ ਬੈਠਿਆਂ ਗੁਰੂ ਨਾਨਕ ਦੇਵ ਜੀ ਨੂੰ ਪਰਮੇਸਰ ਦੀ ਦਰਗਾਹ ਤੋਂ ਸੱਦਾ ਆਇਆ ।
ਉਥੋਂ ਪਰਤਣ’ ਤੇ ਗੁਰੂ ਜੀ ਨੇ ਆਪਣੇ ਇਕ ਸਿੱਖ , ਅੰਗਦ , ਨੂੰ ਬੁਲਾ ਕੇ ਕਿਹਾ ਕਿ ਪਰਮਾਤਮਾ ਦੇ ਹੁਕਮ ਅਨੁਸਾਰ ਉਸ ਦੀ ਸਿਫ਼ਤ ਦਾ ਇਕ ਜੋੜ ਬੰਨ੍ਹਣਾ ਹੈ । ਗੁਰੂ ਜੀ ਨੇ ਆਪਣਾ ਸਾਰਾ ਖ਼ਜ਼ਾਨਾ ਅੰਗਦ ਸਿੱਖ ਦੇ ਹਵਾਲੇ ਕੀਤਾ ਅਤੇ ਜਪੁ ਰਚਣ ਲਈ ਕਿਹਾ— ਤਾਂ ਗੁਰੂ ਬਾਬੇ ਨਾਨਕ ਦੇ ਹਜੂਰਿ , ਗੁਰੂ ਅੰਗਦੁ , ਗੁਰੂ ਬਾਬੇ ਦੀ ਬਾਣੀ ਦਾ ਜਪੁ ਜੋੜੁ ਬੰਧਿਆ । ਜਪੁ ਕਾ ਜੋੜ । ੩੮ । ਅਠਤ੍ਰੀਹ ਪਉੜੀਆਂ ਸਾਰੀ ਬਾਣੀ ਵਿਚਹੁ ਮਥਿ ਕਢਿਆ ਜਿਉਂ ਦਹੀਂ ਵਿਚਹੁ ਮਖਣ ਮਥਿ ਕਢੀਦਾ ਹੈ । ਇਸ ਟੂਕ ਤੋਂ ਸਪੱਸ਼ਟ ਹੈ ਕਿ ਵਖ ਵਖ ਸਮੇਂ ਰਚੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਚੋਣਵੇਂ ਸ਼ਬਦਾਂ/ਪਉੜੀਆਂ ਦਾ ਸਮੁੱਚ ‘ ਜਪੁ’ ਰੂਪ ਵਿਚ ਗੁਰੂ ਅੰਗਦ ਦੇਵ ਜੀ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿਚ ਤਿਆਰ ਕੀਤਾ ਗਿਆ ।
ਬਾਲੇ ਵਾਲੀ ਜਨਮਸਾਖੀ ਵਿਚ ਇਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਲੇ ਦਿਨਾਂ ਵਿਚ ਗੁਰੂ ਅੰਗਦ ਦੇਵ ਜੀ ਨੂੰ ਦੀਕੑਸ਼ਿਤ ਕਰਨ ਲਈ ਕੀਤੀ ਦਸੀ ਗਈ ਹੈ । ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਇਸ ਦੀ ਰਚਨਾ ਸੁਮੇਰ ਪਰਬਤ ਉਤੇ ਸਿੱਧਾਂ ਨਾਲ ਹੋਈ ਗੋਸ਼ਟਿ ਦੇ ਰੂਪ ਵਿਚ ਮੰਨੀ ਗਈ ਹੈ । ਇਸ ਤਰ੍ਹਾਂ ਦੇ ਕੁਝ ਹੋਰ ਕਥਨ ਪਰਵਰਤੀ ਸਾਹਿਤ ਵਿਚ ਵੀ ਮਿਲ ਜਾਂਦੇ ਹਨ ।
ਇਸ ਬਾਣੀ ਦੀ ਵਿਚਾਰ-ਗੰਭੀਰਤਾ ਅਤੇ ਸਿੱਧਾਂਤਿਕ ਪ੍ਰਪੱਕਤਾ ਨੂੰ ਵੇਖਦੇ ਹੋਇਆਂ ਇਹ ਗੱਲ ਸਰਲਤਾ-ਪੂਰਵਕ ਕਹੀ ਜਾ ਸਕਦੀ ਹੈ ਕਿ ਇਸ ਦੀ ਰਚਨਾ ਗੁਰੂ ਜੀ ਨੇ ਆਪਣੀ ਪ੍ਰੌੜ੍ਹ ਅਵਸਥਾ ਵਿਚ ਕੀਤੀ ਹੋਵੇਗੀ , ਜਦੋਂ ਉਨ੍ਹਾਂ ਨੇ ਜੀਵਨ ਦੇ ਸਮੁੱਚੇ ਅਨੁਭਵ ਦੇ ਆਧਾਰ’ ਤੇ ਨਿਸ਼ਕਰਸ਼ ਰੂਪ ਵਿਚ ਕੁਝ ਕਹਿਣਾ ਉਚਿਤ ਸਮਝਿਆ ਹੋਵੇਗਾ । ਗੁਰੂ ਨਾਨਕ ਦੇਵ ਜੀ 1539 ਈ. ਵਿਚ ਜੋਤੀ-ਜੋਤਿ ਸਮਾਏ ਸਨ , ਇਸ ਲਈ ਇਹ ਬਾਣੀ ਉਸ ਤੋਂ ਕੁਝ ਵਰ੍ਹੇ ਪਹਿਲਾਂ , ਅਨੁਮਾਨਿਕ ਤੌਰ ’ ਤੇ 1530 ਈ. ਦੇ ਨੇੜੇ-ਤੜੇ ਕਰਤਾਰਪੁਰ ਵਿਚ ਰਚੀ ਗਈ ਪ੍ਰਤੀਤ ਹੁੰਦੀ ਹੈ ।