ਕਿਹਨੂੰ ਲੈ ਕੇ ਲੰਘੇ ਅੱਜ ਬਾਜ਼ਾਰਾਂ ‘ਚੋਂ।
ਵਾਜ ਪਈ ਆਵੇ ਡੁਸਕਣ ਦੀ ਦੀਵਾਰਾਂ ‘ਚੋਂ।
ਕੀਹਦੇ ਹੱਥ ਸਰੰਗੀ ਆ ਗਈ ਵੇਲੇ ਦੀ,
ਸੁਰ ਦੇ ਬਦਲੇ, ਚੀਕਾਂ ਸੁਣੀਆਂ ਤਾਰਾਂ ‘ਚੋਂ।
ਕਿਉਂ ਕਰਨਾ ਏਂ ਉਹਦੀ ਤੂੰ ਪੜਚੋਲ ਪਿਆ,
ਬੋਲ ਪਵੇਗਾ ਆਪੇ ਉਹ ਕਿਰਦਾਰਾਂ ‘ਚੋਂ।
ਉਹਦੇ ਨਾਲ਼ੋਂ ਮੰਗਤਾ ਚੰਗਾ ਗਲ਼ੀਆਂ ਦਾ,
ਭੇਸ ਵੱਟਾ ਕੇ ਮੰਗੇ ਜੋ ਦਰਬਾਰਾਂ ‘ਚੋਂ।
ਅਪਣੀ ਜੇ ਪਹਿਚਾਣ ਕਰਾਉਣੀ ਦੁਨੀਆਂ ਤੋਂ,
ਉੱਡ ਜ਼ਰਾ ਜਿਹਾ ਵੱਖਰਾ ਹੋ ਕੇ ਡਾਰਾਂ ‘ਚੋਂ।
ਨ੍ਹੇਰੇ ਵਿਚ ਖ਼ੁਸ਼ਬੂ ਵੀ ਅੰਨ੍ਹੀ ਹੁੰਦੀ ਏ,
ਫੁੱਲ ਕਦੀ ਨਹੀਂ ਲੱਭੇ ਬਾਬਾ ਗ਼ਾਰਾਂ ਚੋਂ।