ਪੰਜਾਬੀ ਬੋਲੀ
ਪੰਜਾਬੀ ਨੂੰ ਨਾ ਤੁਸੀਂ ਵਿਸਾਰੋ,
ਮਾਂ ਬੋਲੀ ਦੀ ਗੱਲ ਚਿਤਾਰੋ |
ਊੜਾ-ਐੜਾ ਸਾਰੇ ਸਿੱਖੋ,
ਸੋਹਣੇ-ਸੋਹਣੇ ਅੱਖਰ ਲਿਖੋ |
ਪੰਜਾਬੀ ਬੋਲੀ ਬਹੁਤ ਪਿਆਰੀ,
ਜਿਵੇਂ ਮਿਠਾਸ ਘੋਲੀ ਸਾਰੀ |
ਪੰਜਾਬੀ ਬੋਲੀ ਅਮੀਰ ਬਣਾਈਏ,
ਪੜ੍ਹੀਏ-ਲਿਖੀਏ ਬੋਲੀ ਗਾਈਏ |
ਸਿਹਾਰੀ-ਬਿਹਾਰੀ ਨੂੰ ਅਪਣਾਈਏ,
ਲਾਵਾਂ-ਦੁਲਾਵਾਂ ਸੋਹਣੀਆਂ ਪਾਈਏ |
ਨੱਕ 'ਚ ਬੋਲਣਾ ਟਿੱਪੀ ਲਾਓ,
ਬਿੰਦੀ ਨੂੰ ਵੀ ਤੁਸੀਂ ਸਜਾਓ |
ਕੰਨਾ ਆ ਦੀ ਦੇਵੇ ਆਵਾਜ਼,
ਅੱਖਰਾਂ ਦੀ ਇਹ ਰੱਖੇ ਲਾਜ |
ਇ ਦੀ ਕੱਢੂ ਆਵਾਜ਼ ਸਿਹਾਰੀ,
ਈ ਲਿਖਣ ਲਈ ਲੱਗੂ ਬਿਹਾਰੀ |
ਦਿਮਾਗ 'ਚ ਇਹ ਗੱਲ ਬਿਠਾਓ,
ਲੋੜ ਪੈਣ 'ਤੇ ਕੌਮਾ ਲਾਓ |
ਠਹਿਰਾਵ ਲਈ ਤੁਸੀਂ ਅੱਧਕ ਲਗਾਓ,
ਪੈਂਤੀ ਅੱਖਰ ਮਨ 'ਚ ਵਸਾਓ |
ਬਿੰਦੀ ਟਿੱਪੀ ਦੀ ਕਰੋ ਵਿਚਾਰ,
ਅਖੀਰ 'ਚ ਦਿਓ ਡੰਡੀ ਖਿਲਾਰ |
ਪਰਵਿੰਦਰ ਸੱੁਖ ਕਰੇ ਪੁਕਾਰ,
ਪੰਜਾਬੀ ਦੇ ਨਾਲ ਕਰੋ ਪਿਆਰ |
ਆਓ ਪੰਜਾਬੀ ਨੂੰ ਅਪਣਾਈਏ,
ਪੜ੍ਹੀਏ, ਲਿਖੀਏ, ਬੋਲੀਏ, ਗਾਈਏ |