ਅੰਦਰ ਬਹਿ ਬਹਿ ਥੱਕ ਗਏ ਹਾਂ ,
ਦਾਲਾਂ ਖਾ ਖਾ ਅੱਕ ਗਏ ਹਾਂ,
ਰਾਸ਼ਨ ਜੋ ਸੀ, ਛੱਕ ਗਏ ਹਾਂ।
ਹੁਣ ਤੇ ਮਗਰੋਂ ਲੱਥ ਕਰੋਨਾ ,
ਸਾਡੀ ਹੋ ਗਈ ਬੱਸ ਕਰੋਨਾ।
ਬਾਰ ਬਾਰ ਹੱਥ ਧੋਈ ਜਾਈਏ,
ਤੇਰੀ ਜਾਨ ਨੂੰ ਰੋਈ ਜਾਈਏ,
ਸਰੀਰੋੰ ਲੀਸੇ ਹੋਈ ਜਾਈਏ।
ਨਿਕਲੇ ਪਏ ਈ ਵੱਟ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।
ਤੂੰ ਸਭ ਰਿਸ਼ਤੇਦਾਰ ਛੁੱਡਾਏ,
ਡਰਦਾ ਕੋਈ ਮਿਲਣ ਨਾ ਆਏ,
ਫੋਨਾਂ ਨਾਲ ਹੀ ਕੰਮ ਚਲਾਏ।
ਸਾਕਾਂ ਦੀ ਰੋਲੇੰ ਪੱਤ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।
ਤਾਸ਼ ਖੇਡ ਚੜੱਕਿੱਲੀ ਮਾਰਨ,
ਕਈ ਜਿੱਤੀ ਹੋਈ ਬਾਜ਼ੀ ਹਾਰਨ,
ਕੁੱਝ ਵੇਖਕੇ ਬੁੱਤਾ ਸਾਰਣ।
ਚੇਤੇ ਆਉੰਦੀ ਸੱਥ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।
ਕਿਉਂ ਲੋਕਾਂ ਨੂੰ ਮਾਰੀ ਜਾਵੇੰ ,
ਵੱਸਦੇ ਘਰ ਉਜਾੜੀ ਜਾਵੇੰ,
ਧੁਰ ਦੀ ਗੱਡੀ ਚਾੜ੍ਹੀ ਜਾਵੇ।
ਕਾਹਤੋੰ ਚੁੱਕੀ ਅੱਤ ਕਰੋਨਾ ,
ਹੁਣ ਤੇ ਮਗਰੋਂ ਲੱਥ ਕਰੋਨਾ ।
ਕੋਈ ਵੇਖੇ ਤਾਂ ਅੱਖ ਚੁਰਾਈਏ,
ਦੂਰੋਂ ਵੇਖਕੇ ਹੱਥ ਹਲਾਈਏ,
ਅੌਖੇ ਹੋ ਕੇ ਮਾਸਕ ਪਾਈਏ।
ਢੱਕਿਆਂ ਮੂੰਹ ਤੇ ਨੱਕ ਕਰੋਨਾ ,
ਹੁਣ ਤੇ ਮਗਰੋਂ ਲੱਥ ਕਰੋਨਾ ,
ਖੰਘ ਆਵੇ ਡਰਦੇ ਨਾ ਖੰਘੀਏ,
ਹਸਪਤਾਲ ਲਾਗੋੰ ਨਾ ਲੰਘੀਏ,
ਹਰ ਇਕ ਦੀ ਖੈਰ ਸੁੱਖ ਮੰਗੀਏ।
ਨਾ ਲੋਕਾਂ ਨੂੰ ਡੱਸ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ,
ਸਾਡੀ ਹੋ ਗਈ ਬੱਸ ਕਰੋਨਾ।