ਜੀਵਨ ਜਿਊਣਾ ਨਹੀਂ ਆਇਆ
ਵੱਧ ਤੋਂ ਵੱਧ ਧਨ ਕਮਾਓ, ਨਵਾਂ ਰਿਵਾਜ ਇਹ ਆਇਆ।
ਅੱਗੇ ਵਧਣ ਦੀ ਦੌੜ ਹੈ ਲੱਗੀ, ਜਿੱਤੂ ਅੱਗੇ ਆਇਆ।
ਨਵੇਂ-ਨਵੇਂ ਧੰਦੇ ਨਿਕਲੇ, ਬੰਦਿਆਂ ਦਾ ਹੜ੍ਹ ਆਇਆ,
ਧਨ ਤੇ ਵਸਤਾਂ ਖਿੱਚਣ ਮਨ ਨੂੰ, ਮਨ ਫਿਰੇ ਲਲਚਾਇਆ।
ਸੜਕਾਂ ਬਣੀਆਂ ਬਾਜ਼ਾਰ, ਮਾਇਆ ਘੇਰਾ ਪਾਇਆ,
ਦਯਾ ਧਰਮ ਸਭ ਪਿੱਛੇ ਪੈ ਗਏ, ਮਨੁੱਖ ਫਿਰੇ ਪਥਰਾਇਆ।
ਹਰੀ ਹਰੀ ਕੁਦਰਤ ਨਾ ਦਿਸੇ, ਪਰਬਤ ਵੀ ਛੁਪਾਇਆ,
ਪੀਣ ਲਈ ਪਾਣੀ ਨਾ ਮਿਲੇ, ਵਾਤਾਵਰਨ ਗੰਧਲਾਇਆ।
ਗ਼ਰਦ-ਗੁਬਾਰ ਦੇ ਬੱਦਲ ਉੱਡਣ, ਅੱਖੀਂ ਘੱਟਾ ਪਾਇਆ,
ਅੰਨ ਦਾ ਘਰ ਹੁੰਦੇ ਸਨ ਪਿੰਡ, ਹੱਸਦੇ ਤੇ ਹਸਾਇਆ।
ਪਰ ਹੁਣ ਪਿੰਡ ਵੀ ਭੱਜੇ ਸ਼ਹਿਰਾਂ ਨੂੰ, ਚੁਫੇਰਾ ਆਣ ਵਸਾਇਆ,
ਅਚਾਨਕ ਮਹਾਂਮਾਰੀ ਫੁੱਟੀ, ਜਗਤ ਸਾਰਾ ਕੰਬਾਇਆ।
ਬਾਹਰੋਂ ਲੋਕ ਘਰਾਂ ਨੂੰ ਭੱਜੇ, ਸਾਦਾ ਮੰਨ ਪਕਾਇਆ,
ਹਰ ਜੀਅ ਨੇ ਦੂਜੇ ਨੂੰ ਤੱਕਿਆ, ਜਿਵੇਂ ਪਰਦੇਸੋਂ ਆਇਆ।
ਕੀ ਘਰੀਂ ਬੈਠੇ ਪਰਿਵਾਰਾਂ ਸੋਚਿਆ, ਕੀ ਸੀ ਗ਼ਲਤ ਅਪਣਾਇਆ?
ਮਨੁੱਖ ਬੜਾ ਸਿਆਣਾ ਪ੍ਰਾਣੀ, ਧਨ ਨੂੰ ਗੁਰੂ ਬਣਾਇਆ।
ਮਾਰੀ ਗਈ ਮੱਤ ਸਿਆਣੇ ਪ੍ਰਾਣੀ ਦੀ, ਜੀਵਨ ਜਿਊਣਾ ਨਹੀਂ ਆਇਆ।