shayari4u shayari4u

ਟਰੈਕਟਰ ਟਰਾਲੀ ਸਣੇ

ਟਰੈਕਟਰ ਟਰਾਲੀ ਸਣੇ ਸਮਾਨ ਵਿਕਾਊ ਐ
ਜਮੀਨ ਜਾਇਦਾਦ ਅਤੇ ਮਕਾਨ ਵਿਕਾਊ ਐ
ਆਓ ਟਾਟੇਓ ਆਓ ਅੰਬਾਨੀਓ ਖਰੀਦ ਲਵੋ
ਇਸ ਦੇਸ ਦਾ ਅੰਨਦਾਤਾ ਕਿਸਾਨ ਵਿਕਾਊ ਐ
ਕਿੰਨਾ ਮੁੱਲ ਲਾਵੋਂਗੇ ਦੱਸੋ ਮੇਰੀ ਹਸਰਤ ਦਾ
ਮੇਰਾ ਹਰ ਸੁਪਨਾ ਹਰ ਅਰਮਾਨ ਵਿਕਾਊ ਐ
ਫਿੱਡੇ ਛਿੱਤਰਾਂ ਤੇ ਪਾਟੀ ਪੱਗੜੀ ਵਿੱਚ ਲਿਪਟੀ
ਕਰਜ਼ੇ ਥੱਲੇ ਪਿਸਦੀ ਇਕ ਜਾਨ ਵਿਕਾਊ ਐ
ਫਾਇਲ ਡਿਗਰੀਆਂ ਤੇ ਡਿਪਲੋਮੇਆਂ ਵਾਲੀ
ਬੇਰੁਜ਼ਗਾਰ ਫਿਰਦਾ ਪੁੱਤ ਜਵਾਨ ਵਿਕਾਊ ਐ
ਭਗਤ ਸਰਾਭਿਆਂ ਦੇ ਜੋ ਵੇਚ ਗਿਆ ਸੁਪਨੇ
ਮੇਰੇ ਦੇਸ ਦਾ ਲੀਡਰ ਬੇਈਮਾਨ ਵਿਕਾਊ ਐ
ਕੋਰਟ ਕਚਹਿਰੀ ਵਿੱਚ ਇਨਸਾਫ ਹੈ ਵਿਕਦਾ
ਹਰ ਅਹੁਦਾ ਤੇ ਹਰ ਸਨਮਾਨ ਵਿਕਾਊ ਐ
ਖਰੀਦਣ ਵਾਲਿਓ ਉਏ ਦੱਬਕੇ ਲਾਓ ਬੋਲੀ
ਸ਼ੈਤਾਨਾੰ ਦੀ ਮੰਡੀ ਵਿਚ ਇਨਸਾਨ ਵਿਕਾਊ ਐ
ਮੁੱਲ ਪੈ ਗਿਆ......' ਉਏ ਕਲਮਾਂ ਦਾ
ਅਲਫ਼ਾਜ ਵਿਕਾਊ ਨੇ ਤੇ ਜੁਬਾਨ ਵਿਕਾਊ ਐ ...