ਇਸ਼ਕ ਦੀ ਅਗਨੀ ਨੂੰ ਕੋਈ ਰੀਤ ਅਜ਼ਮਾਏ ਕਿਉਂ
ਕੋਈ ਨਗ਼ਮਾ ਫ਼ਲਸਫ਼ੇ ਦੀ ਭੇਟ ਚੜ੍ਹ ਜਾਏ ਕਿਉਂ
ਬੇੜੀਆਂ ਵਿਚ ਕਿਉਂ ਮੇਰੇ ਪੈਰਾਂ ਨੂੰ ਭੁੱਲੇ ਥਿਰਕਣਾ
ਹੱਥਕੜੀ ਵਿਚ ਬੰਸਰੀ ਖ਼ਾਮੋਸ਼ ਹੋ ਜਾਏ ਕਿਉਂ
ਤਾਰਿਆਂ ਦਾ ਹੁਸਨ ਖਿੜਦਾ ਹੈ ਹਨ੍ਹੇਰੀ ਰਾਤ ਵਿਚ
ਮੁਸ਼ਕਲਾਂ ਵਿਚ ਜ਼ਿੰਦਗੀ ਦਾ ਗੀਤ ਥੰਮ ਜਾਏ ਕਿਉਂ
ਇਹ ਜ਼ਮਾਨਾ ਆਪਣਾ ਚਿਹਰਾ ਕਿਉਂ ਨ੍ਹੀ ਵੇਖਦਾ
ਆਈਨਾ ਬਣ ਬਣ ਕੇ ਮੇਰੇ ਸਾਹਮਣੇ ਆਏ ਕਿਉਂ