ਮੁਨੀਸ਼ਾ ਬਾਲਮੀਕੀ ਨੂੰ ਸ਼ਰਧਾਂਜਲੀ
ਨਿਰਭਿਐ,ਜਿਓਤੀ,ਪ੍ਰਿਅੰਕਾ,ਮਨੀਸ਼ਾ,
ਕਦੋਂ ਤੱਕ ਮਰਦੀਆਂ ਰਹਿਣਗੀਆਂ,
ਕਾਮੁਕ ਦਾਨਵ ਦੀ ਇਹ ਕੱਦ ਤੱਕ,
ਭੇਟਾ ਚੜ੍ਹਦੀਆਂ ਰਹਿਣਗੀਆਂ,
ਤਾਂ ਹੀ ਜੱਦ ਵੀ ਧੀ ਜੰਮਦੀ,
ਉਹਨੂੰ ਪੱਥਰ ਕਹਿੰਦੇ ਨੇ,
ਅਤੇ ਜੰਮਣ ਤੋਂ ਪਹਿਲਾਂ ਹੀ,
ਮਾਪੇ ਕਾਤਿਲ ਬਣ ਬਹਿੰਦੇ ਨੇ,
ਮੁਟਿਆਰ ਹੋਈ ਆਬਰੂ ਨਾ ਲੁੱਟ ਜਾਏ,
ਆਤਮਾ ਜੰਮਣ ਵਾਲਿਆਂ ਦੀਆਂ,
ਕਦੋਂ ਤੱਕ ਡਰਦੀਆਂ ਰਹਿਣਗੀਆਂ,
ਧੀਆਂ ਮੇਰੇ ਦੇਸ਼ ਦੀਆਂ,
ਕਦੋਂ ਤੱਕ ਮਰਦੀਆਂ ਰਹਿਣਗੀਆਂ,
ਹੱਡੀ ਰੀੜੵ ਦੀ ਟੁੱਟੀ ਕੱਲੀ ਮਨੀਸ਼ਾ ਦੀ ਨਹੀਂ,
ਭਾਰਤ ਮਾਤਾ ਦਾ ਲੱਕ ਵੀ ਟੁੱਟਿਆ ਹੈ,
ਇਨਸਾਨਾਂ ਦਾ ਭੇਸ ਧਾਰ ਸ਼ੈਤਾਨ ਨੇ,
ਜੱਗ ਜਨਣੀ ਦੀ ਇੱਜ਼ਤ ਨੂੰ ਲੁੱਟਿਆ ਹੈ,
ਔਰਤ ਹੋਣ ਦਾ ਧੀਆਂ ਕੱਦ ਤੱਕ,
ਹਰਜ਼ਾਨਾ ਭਰਦੀਆਂ ਰਹਿਣਗੀਆਂ,
ਧੀਆਂ ਮੇਰੇ ਦੇਸ਼ ਦੀਆਂ,
ਕਦੋਂ ਤੱਕ ਮਰਦੀਆਂ ਰਹਿਣਗੀਆਂ,
ਜ਼ੁਬਾਨ ਮਨੀਸ਼ਾ ਦੇ ਨਾਲ ਹੀ,
ਸਭ ਮਜ਼ਲੂਮਾਂ ਦੀ ਵੱਢੀ ਗਈ ਏ,
ਉੱਠਣ ਵਾਲੀ ਆਵਾਜ਼ ਕੰਮੀਆਂ ਦੀ,
ਸਦਾ ਹਾਕਮਾਂ ਵਲੋਂ ਦੱਬੀ ਗਈ ਏ,
ਕਦੋਂ ਤੱਕ ਹੱਕਾਂ ਲਈ ਬੋਲਣ ਵਾਲਿਆਂ ਤੇ,
ਡਾਂਗਾਂ ਗੋਲੀਆਂ ਵਰੵਦੀਆਂ ਰਹਿਣਗੀਆਂ,
ਧੀਆਂ ਮੇਰੇ ਦੇਸ਼ ਦੀਆਂ,
ਕਦੋਂ ਤੱਕ ਮਰਦੀਆਂ ਰਹਿਣਗੀਆਂ,
ਰਾਮ ਦੇ ਰਾਜ ਦੀਆਂ ਗੱਲਾਂ ਕਰਦੇ,
ਕਾਤਲ ਤੇ ਬਲਾਤਕਾਰੀ ਨੇ,
ਕਿਹੜੇ ਕਿਹੜੇ ਜੁਲਮ ਨਹੀਂ ਸਹੇ,
ਤੇਰੇ ਰਾਜ ਵਿੱਚ ਨਾਰੀ ਨੇ,
ਤਨ,ਮਨ ਤੇ ਜ਼ਜ਼ਬਾਤਾਂ ਦਾ ਸ਼ੋਸ਼ਣ,
ਕਦੋਂ ਤੱਕ ਜ਼ਰਦੀਆਂ ਰਹਿਣਗੀਆਂ,
ਧੀਆਂ ਮੇਰੇ ਦੇਸ਼ ਦੀਆਂ,
ਕਦੋਂ ਤੱਕ ਮਰਦੀਆਂ ਰਹਿਣਗੀਆਂ,
ਆਦਰਯੋਗ ਮਾਂ,ਭੈਣ,ਧੀਆਂ ਨੇ
ਵਸਤੂ ਨਹੀਂ ਪ੍ਰਦਰਸ਼ਨ ਦੀ ਇਹ,
ਜੰਮਣ,ਪਾਲਣਹਾਰੀ ਤੇ ਸਿਰਜ਼ਕ,
ਚੀਜ਼ ਨਹੀਂ ਆਕਰਸ਼ਨ ਦੀ ਇਹ,
ਬੋਲਾਂ ਨਾਲ ਰੂਹ ਠਾਰਨ ਵਾਲੀਆਂ
ਤੇਜ਼ਾਬ ਨਾਲ ਸੜਦੀਆਂ ਰਹਿਣਗੀਆਂ?
ਧੀਆਂ ਮੇਰੇ ਦੇਸ਼ ਦੀਆਂ,
ਕਦੋਂ ਤੱਕ ਮਰਦੀਆਂ ਰਹਿਣਗੀਆਂ,
ਮੋਮਬੱਤੀਆਂ ਦੇ ਨਾਲੇ ਮਸ਼ਾਲਾਂ ਫੜੋ,
ਕਰੋ ਰੌਸ਼ਨੀ ਤੇ ਦਰਿੰਦਿਆਂ ਨੂੰ ਸਾੜਨ ਦੇ ਲਈ,
ਬਣ ਜਾਓ ਸ਼ੀਹਣੀਆਂ ਕਿ ਕੋਈ ਹਿੰਮਤ ਨਾ ਕਰੇ
ਕਿਸੇ ਅਬਲਾ ਦੀ ਆਬਰੂ ਉਜਾੜਨ ਦੇ ਲਈ,
"Bhandari " ਕਦੋਂ ਤੱਕ ਬਾਜ਼ਾਂ ਹੱਥੋਂ,
ਚਿੜੀਆਂ ਹਰਦੀਆਂ ਰਹਿਣਗੀਆਂ,
ਨਿਰਭਿਐ,ਜਿਓਤੀ,ਪ੍ਰਿਅੰਕਾ,ਮਨੀਸ਼ਾ,
ਕਦੋਂ ਤੱਕ ਮਰਦੀਆਂ ਰਹਿਣਗੀਆਂ,
ਕਾਮੁਕ ਦਾਨਵ ਦੀ ਇਹ ਕੱਦ ਤੱਕ,
ਭੇਟਾ ਚੜ੍ਹਦੀਆਂ ਰਹਿਣਗੀਆਂ✍Honey Bhandari