ਰੱਖੜੀ ਤੇ ਡੱਬਾ ਲੈ ਕੇ ਭੈਣ ਪਿੰਡ ਪੇਕਿਆਂ ਦੇ ਚੱਲੀ
ਘਰ ਬਾਬਲ ਦੇ ਜਾਣਾ ਦਿਲ ਵਿੱਚ ਖੁਸ਼ੀ ਸੀ ਅਵੱਲੀ
ਮਨ ਵਿਚ ਸੋਚਦੀ ਰਾਤੀਂ ਕਰੂਂ ਵੀਰੇ ਨਾਲ ਗੱਲਾਂ ਰੱਜਕੇ
ਵੇਖ ਉਹ ਭੈਣ ਆਪਣੀ ਨੂੰ ਕਿਵੇਂ ਆਊ ਵੇਖੀ ਭੱਜ ਕੇ
ਭਾਬੋ ਮੇਰੀ ਚੰਨ ਤੋਂ ਵੀ ਸੋਹਣੀ ,ਚੱਕਿਆ ਨੀ ਜਾਣਾ ਚਾਅ ਉਦੇ ਤੋਂ
ਲਾ ਕੇ ਮੇਰੇ ਪੈਰੀ ਹੱਥ ,ਲਉਗੀ ਅਸੀਸਾਂ ਉਹ ਬੇ ਸ਼ੁਮਾਰ ਮੇਰੇ ਤੋਂ
ਹੋਰ ਪਤਾ ਨੀ ਕਿਨੇ ਕੁ ਦਿਲ ਚ ਅਰਮਾਨ ਪਾਲੀ ਬੈਠੀ ਸੀ
ਬਚਪਨ ਦੀਆਂ ਯਾਦਾਂ ਦੇ ਦਿਨਾਂ ਨੂੰ ਤਾਜ਼ਾ ਕਰੀ ਬੈਠੀ ਸੀ
ਸੋਚਾਂ ਸੋਚਦੀ ਪਤਾ ਨੀ ਲੱਗਾ ਕਦੋਂ ਪਿੰਡ ਆ ਗਿਆ
ਉੱਤਰੀ ਬੱਸ ਵਿਚੋ ਚਿਹਰੇ ਉੱਤੇ ਨੂਰ ਛਾ ਗਿਆ
ਪੈਰ ਪਾਇਆ ਜਦੋਂ ਘਰ ,ਨਿੱਕਲੀ ਕਹਾਣੀ ਕੁਝ ਹੋਰ ਸੀ
ਵੀਰ ਭਾਬੀ ਖੁਸ਼ ਨਾ ਕੋਈ, ਜਿਵੇਂ ਪੈ ਗਿਆ ਕੋਈ ਹੋਲ ਸੀ
ਪਲੋਸ ਕੇ ਸਿਰ ਵੀਰਾਂ ਬੂਹੇ ਬਾਹਰ ਹੋ ਗਿਆ
ਬਹਿਜਾ ਭੈਣੇ ਆਇਆ ਮੈ ਜਾਂਦਾ ਹੋਇਆ ਕਹਿਗਿਆ
ਭਾਬੀ ਨੇ ਵੀ ਬਾਸੀ ਚਾਹ, ਗਰਮ ਕਰ ਮੂਹਰੇ ਮੇਰੇ ਧਰ ਤੀ
ਸਾਹ ਸੀ ਮੇਰੇ ਚਲਦੇ ,ਲਗਿਆ ਜਿਉਂਦਿਆਂ ਹੀ ਮਰ ਗੀ
ਪੇਕਿਆਂ ਦਾ ਸੱਚ ਪੁੱਛੋ, ਚਾਅ ਦਿਲ ਵਿੱਚੋਂ ਲੈ ਗਿਆ
ਸੋਚੇ ਸੁਪਨਿਆਂ ਦਾ ,ਮਹਿਲ ਇਕ ਦਮ ਢਹਿ ਗਿਆ
ਵੀਰ ਆਇਆ ਬਾਹਰੋਂ ,ਸਿੱਧਾ ਰਸੋਈ ਵਿੱਚ ਵੜਿਆ
ਭਾਬੀ ਨੇ ਜੋ ਵੀਰੇ ਦੇ, ਕੁਝ ਉਹਦੇ ਕੰਨ ਵਿੱਚ ਪੜਿਆ
ਸੂਟਾ ਦੀ ਭੁੱਖੀ ਚੱਕ ਝੋਲ਼ਾ ਕੋਲ ਜੋ ਤੇਰੇ ਆਈ ਐ
ਰੱਖੜੀ ਦਾ ਪੱਜ ਕਰ ਜ਼ਮੀਨ ਦਾ ਹਿੱਸਾ ਲੈਣ ਆਈ ਐ
ਵੀਰ ਵੀ ਲੱਗਿਆ ਜਿਵੇਂ ਭਾਬੀ ਅੱਗੇ ਮਜਬੂਰ ਸੀ
ਦਿਲੋ ਸੀ ਪਿਆਰ, ਭਾਵੇਂ ਅੱਖਾਂ ਵਿਚ ਘੂਰ ਸੀ
ਰੱਖੜੀ ਤੇ ਡੱਬਾ ਧਰ ਮੰਜੇ ਤੇ, ਅੱਡੇ ਉਤੇ ਆ ਗਈ
ਮੈਂ ਉੱਚੀ ਉੱਚੀ ਰੋਈ ,ਮਰੀ ਮਾਂ ਚੇਤੇ ਜਦ ਆ ਗਈ
ਭੁੱਖਾ ਨੀ ਕੋਈ ਹੁੰਦਾ ਕਿਸੇ ਦੇ ਲੈਣ ਦੇਣ ਦਾ
ਹਰ ਭੈਣ ਨੂੰ ਚਾਅ ਹੁੰਦਾ ਇਹ ਬਸ ਟਾਇਮ ਦਾ
ਸਿਰ ਉੱਤੇ ਭਾਵੇਂ ਵੀਰ ਧਰ ਦੇਣ ਖਾਲੀ ਹੱਥ ਨੂੰ
ਦੀਪ, ਲੰਮੀ ਉਮਰ ਦੀਆਂ ਮੰਗਣ ਦੁਆਵਾਂ ਰੱਬ ਨੂੰ
🙏🏼🙏🏼🙏🏼🙏🏼🙏🏼🙏🏼