shayari4u shayari4u

ਵੱਡੀ ਉਮਰ ਚ

ਵੱਡੀ ਉਮਰ ਚ ਵਿਆਹ ਮਾੜਾ,
ਦੁਸ਼ਮਣ ਮਰੇ ਦਾ ਚਾਅ ਮਾੜਾ,
ਕਮਲੇ ਟੋਲੇ ਨਾਲ ਵਾਹ ਮਾੜਾ, ਕੋਈ ਗੱਲ ਸਿਆਣੀ ਕਰਦਾ ਨੀ।

ਰੁੱਖ ਨੂੰ ਆਰੀ ਮਾੜੀ,
ਅਮਲੀ ਨਾਲ ਯਾਰੀ ਮਾੜੀ,
ਟੀ ਬੀ ਦੀ ਬਿਮਾਰੀ ਮਾੜੀ, ਕੋਲ ਕੋਈ ਖੜ੍ਹਦਾ ਨੀ।

ਲੱਕ ਦੀ ਏ ਸੱਟ ਮਾੜੀ,
ਰੌਲੇ ਵਾਲੀ ਵੱਟ ਮਾੜੀ,
ਤੀਵੀਂ ਦੀ ਏ ਚੱਕ ਮਾੜੀ, ਥਵਾਕ ਰਹਿੰਦਾ ਘਰਦਾ ਨੀ।

ਉਧਾਰ ਲਈ ਝੂਠ ਮਾੜਾ,
ਗਿਆਨੀ ਲਈ ਜੂਠ ਮਾੜਾ,
ਵੈਰ ਪਿਆ ਊਠ ਮਾੜਾ, ਬੰਦੇ ਤਾਈਂ ਛੱਡਦਾ ਨੀ।

ਕੁਆਰੀ ਬੇ-ਪੱਤ ਮਾੜੀ,
ਨਸ਼ੇ ਵਾਲੀ ਧੱਤ ਮਾੜੀ
ਚੱਕੀ ਹੋਈ ਅੱਤ ਮਾੜੀ, ਬਹੁਤਾ ਚਿਰ ਕੱਢਦਾ ਨੀ।

ਰੰਗਰੂਟ ਲਈ ਅਰਾਮ ਮਾੜਾ,
ਪੈਸਾ ਏ ਹਰਾਮ ਮਾੜਾ,
ਬੰਦਾ ਬੇ-ਜੁਬਾਨ ਮਾੜਾ, ਭਰੋਸਾ ਕੋਈ ਕਰਦਾ ਨੀ।

ਚੋਰ ਨੂੰ ਏ ਖੰਘ ਮਾੜੀ,
ਮੁਲਕਾਂ ਚ ਜੰਗ ਮਾੜੀ,
ਦਾਜ ਦੀ ਏ ਮੰਗ ਮਾੜੀ, ਢਿੱਡ ਲੋਭੀਆਂ ਦਾ ਭਰਦਾ ਨੀ।

ਸਿਰੋਂ ਲੱਥੀ ਪੱਗ ਮਾੜੀ,
ਘਰੇ ਲੱਗੀ ਅੱਗ ਮਾੜੀ,
ਲੰਘੀ ਰਿਸ਼ਤੇ ਚ ਹੱਦ ਮਾੜੀ, ਰਹਿੰਦਾ ਕੋਈ ਪਰਦਾ ਨੀ।

ਮੁੱਲ ਵੇਚੀ ਵੋਟ ਮਾੜੀ,
ਨੀਤ ਵਿੱਚ ਖੋਟ ਮਾੜੀ,
ਨਸ਼ੇ ਵਾਲੀ ਤੋਟ ਮਾੜੀ, ਅਮਲੀ ਦਾ ਸਰਦਾ ਨੀ।

ਅੜੀ ਖੋਰ ਘੋੜਾ ਮਾੜਾ,
ਤੰਗ ਪਾਇਆ ਜੋੜਾ ਮਾੜਾ,
ਪੁੱਤ ਦਾ ਵਿਛੋੜਾ ਮਾੜਾ, ਪੱਲੇ ਕੱਖ ਛੱਡਦਾ ਨੀ।
- ਅਗਿਆਤ