ਨੋਕ ਸੂਈ ਦੀ ਵੇਖ ਕੇ ਸੀ ਬਹਿ ਜਾਂਦਾ,
ਅੱਜ ਤੀਰ ਸਾਂਭੇ ਨੇ ਛਾਤੀ ਉੱਤੇ ਭਾਰੀ।
ਰਿਹਾ ਜਾਂਦਾ ਘੜੀ ਨਾ ਸੀ ਬਿਨਾਂ ਉਸਦੇ,
ਲੰਘੇ ਕਈ ਦਿਨ, ਪਰ ਹਿਮਤ ਨਾ ਹਾਰੀ।
ਰਾਹਤ ਕਰੇ ਕਮਜ਼ੋਰ, ਤੜਫ ਦੇਵੇ ਮੱਤਾਂ,
ਆਇਆ ਸਮਝ ਸਮੇਂ ਨੇ ਜਦੋਂ ਸੱਟ ਮਾਰੀ।
ਓਨਾ ਹੋਸ਼ ਚ ਨਾ, ਹੈਰਾਨ ਜਿਨਾ ਖੁਦ ਤੇ,
ਦੂਰ ਹੋਣ ਦੀ ਧਾਰੀ, ਓਹ ਵੀ ਪੱਕੀ ਧਾਰੀ।
ਓਹੀ ਆਖੇ, "ਅੰਮ੍ਰਿਤ ਹੋਇਆ ਫਿਰੇ ਪੱਥਰ",
ਜਿਹੜਾ ਆਪ ਟਲੇ ਨਾ, ਆਖਿਆਂ ਲੱਖ ਵਾਰੀ।
ਜੇ ਤੂੰ ਜ਼ਿਦ ਸਮਝੇਂ, ਤਾਂ ਫਿਰ ਜ਼ਿਦ ਹੀ ਸਹੀ,
ਇਕ ਵਾਰੀ ਪਰ ਸ਼ੀਸ਼ੇ ਦੇ ਵਿੱਚ ਝਾਤੀ ਮਾਰੀਂ।
ਇਕ ਤੂੰ ਪੁੱਟਿਆ, ਦੂਜਾ ਮੈਂ ਪੁੱਟਿਆ,
ਪਿੱਛੇ ਜਾਣ ਨੂੰ ਪੁੱਟੇ ਪੈਰ ਵਾਰੋ-ਵਾਰੀ।
ਓਹਦੀ ਆਕੜ ਨਾ ਓਹਨੂੰ ਮੁੜਨ ਦੇਵੇ,
ਮੇਰੀ ਅੜੀ ਨੇ ਵੀ ਮੇਰੀ ਮਤ ਮਾਰੀ।
ਕਦੇ ਸੀ ਮਸੂਮ, ਹੁਣ ਵਿਗੜ ਚੁੱਕਿਆ,
ਟੁੱਟੇ ਦਿਲ ਤੇ ਕਿਓਂ ਨਾ ਹੁੰਦਾ ਪਾਪ ਭਾਰੀ।
ਪਾਣੀ ਖਾਰੇ ਤੋਂ ਮਿੱਠਾ ਤੈਰ ਪਹੁੰਚਣੇ ਦੀ,
ਤੇਰੇ ਵਾਂਗ ਮੈਂਨੂੰ ਵੀ ਲਾਉਣੀ ਆਗੀ ਤਾਰੀ।
ਇਹ ਮੇਰੀ ਨਹੀਂ ਗੱਲ, ਹਾਲ ਹਰ ਪਾਸੇ,
ਮਨ ਪਿਆ ਵੰਡਿਆ, ਕੰਮ ਪੁੱਠਾ ਜਾਰੀ।
ਪਿਆਰ ਦੱਖਣ ਵੱਸੇ, ਵਿਆਹ ਉਤਰ ਹੋਵੇ,
ਪੂਰਬ ਰਾਜ਼ ਰੱਖੇ, ਪੱਛਮ ਲਾਈ ਯਾਰੀ।
... ਅੰਮ੍ਰਿਤ।