Preet Kakrala Preet Kakrala

ਤੇਰੇ ਵਾਂਗੂ ਸੋਚ ਰਹੀ

ਤੇਰੇ ਵਾਂਗੂ

ਸੋਚ ਰਹੀ ਹਾਂ,
ਤੇਰੀਆਂ ਯਾਦਾਂ ਨੂੰ ਸਮੇਟ
ਕਿਸੇ ਨਹਿਰ ਵਿਚ ਸੁੱਟ ਆਵਾਂ
ਜਾਂ ਉਂਗਲ ਫੜ੍ਹ ਛੱਡ ਆਵਾਂ
ਕੁਦਰਤ ਦੀ ਗੋਦ ਚ
ਕਿਸੇ ਐਵੇਂ ਦੀ ਜਗਾਹ ਤੇ
ਜਿੱਥੇ ਜਾ ਕੇ ਮੈਨੂੰ ਸਕੂਨ ਮਿਲ਼ੇ
ਜਿੱਥੇ ਜਾ ਇਹਨਾਂ ਨਾਲ਼ ਮਿਲ਼ਣ ਤੋਂ
ਮੈਨੂੰ ਕੋਈ ਰੋਕ ਟੋਕ ਨਾ ਹੋਵੇ।

ਸਾਲਾਂ ਬਾਅਦ ਤਾਂ
ਹੱਥ ਚ ਪਾਇਆ ਛੱਲਾ
ਛਾਪ ਛੱਡ ਜਾਂਦਾ ਹੈ
ਦੱਸ ਫ਼ੇਰ ਤੇਰੀ ਛਾਪ ਕਿਦਾਂ ਨਾ ਰਹਿੰਦੀ

ਉਹ ਵੇਲਿਆਂ ਨੂੰ ਚੇਤੇ ਕਰ
ਉਹ ਥਾਵਾਂ ਨੂੰ ਵੇਖ ਰਹੀਂ ਸੀ
ਜਿੱਥੋਂ ਤੇਰੇ ਪਿੰਡ ਚੜਿਆ
ਪੁੰਨਿਆਂ ਦਾ ਚੰਨ
ਸ਼ਰੇਆਮ ਦਿਖਾਈ ਦੇਂਦਾ ਹੈ

ਮੈਂ ਕਦੇ ਕਦੇ ਖ਼ਿਆਲ ਬੁਣਦੀ ਹਾਂ
ਸੋਚਦੀ ਹਾਂ, ਆਪਣੇ ਏਸ ਪਿੰਡ ਵਾਲੇ ਘਰ ਦੀ
ਛੱਤ ਕੁਝ ਐਵੇਂ ਦੀ ਹੋਣੀਂ ਹੈ
ਆਸੇ ਪਾਸੇ ਘਰ ਹੋਣੇ
ਤਿੰਨ ਕੁ ਫੁੱਟ ਦਾ ਬਨੇਰਾ
ਖੱਬੇ ਹੱਥ ਚੜ੍ਹਦੇ ਵਾਲੇ ਪਾਸੇ ਚੁਬਾਰਾ

ਜਿੱਥੇ ਨਾਲ਼ ਹੀ ਖੜ੍ਹ
ਤੁਹਾਡੇ ਉਹ ਪਿੰਡ ਦੇ ਸਾਹਮਣੇ ਵਾਲਾ
ਉਹ ਕੀ ਕਹਿੰਦੇ ਨੇ,...... ਨਜ਼ਰ ਆਉਂਦਾ ਹੈ
ਸਾਹਮਣੇ ਹੀ ਗੇਟ ਦੇ ਕੋਲ਼
ਜੋ ਦਰਵਾਜ਼ਾ ਹੈ
ਓਥੇ ਕਿੰਨੇ ਹੀ ਕਬੂਤਰ ਬੈਠੇ ਨਜ਼ਰ ਆਉਂਦੇ ਨੇ

ਵੱਡੇ ਸਾਰੇ ਵਿਹੜੇ ਵਿਚ
ਦਰਜ਼ਨ ਭਰ ਜਵਾਕ ਖੇਡਦੇ
ਮਾਂ ਮੰਜੇ ਤੇ ਬੈਠੀ ਸਵੈਟਰ ਬੁਣ ਰਹੀ ਹੈ
ਇ _ _ _ , ਲਈ

ਤੇ ਆਪਾਂ ਕਿਸੇ ਕਮਰੇ ਦੇ ਖੂੰਜੇ ਵਿਚ
ਫਰਸ਼ ਤੇ ਬੈਠੇ
ਬਿਨਾਂ ਲਾਇਟ ਪੱਖਾ ਲਗਾਏ
ਕੋਈ ਕਹਾਣੀ ਜਾਂ ਕਵਿਤਾ ਲਿਖ ਰਹੇ ਹਾਂ
ਸੋਚ ਰਹੇ ਹਾਂ
ਕਿਦਾਂ ਲਿਖੀ ਜਾ ਰਹੀ ਕਵਿਤਾ ਵਿਚ
ਮੇਰੀ ਕਿਸੇ ਗੱਲ ਨੂੰ ਰੱਖਿਆ ਜਾਵੇ

ਮੈਂ ਬੜਾ ਕੁਝ ਸੋਚਦੀ ਹਾਂ
ਕਲਪਦੀ ਹਾਂ
ਮੈਨੂੰ ਲੱਗਦਾ ਹੈ
ਮੈਂ ਵੀ ਇੱਕ ਦਿਨ ਕਹਾਣੀਕਾਰ ਬਣ ਜਾਣਾ ਹੈ
ਤੇਰੇ ਵਾਂਗੂ

ਮੈਂ ਹੁਣ ਵੱਡੀਆਂ ਵੱਡੀਆਂ ਗੱਲਾਂ ਕਰਦੀ ਆਂ
ਤਾਰਿਆਂ ਵੱਲ ਵੇਖਦੀ ਹਾਂ
ਹੁਣ ਮੈਨੂੰ ਚੰਨ ਨਾਲ਼ ਗੱਲਾਂ ਕਰਨੀਆਂ ਆ ਗਈਆਂ
ਹੁਣ ਮੈਂ ਇ _ _ _ _ ਬਾਰੇ ਸੋਚਦੀ ਹਾਂ
ਪਾਠ ਕਰਦੀ ਕਰਦੀ
ਤੇਰੇ ਪਿੰਡ ਪਹੁੰਚ ਜਾਂਦੀ ਹਾਂ
ਤੇਰੇ ਵਾਂਗੂ

✍️✍️✍️