ਰਾਤਾਂ ਨ੍ਹੇਰੀਆਂ ਤੇ ਸੁਰਖ ਸਵੇਰੇ
ਰਾਤਾਂ ਨ੍ਹੇਰੀਆਂ.....
ਨ੍ਹੇਰੀਆਂ ਤੇ ਸੁਰਖ ਸਵੇਰੇ
ਨਾ ਤਿੱਖੜ ਦੁਪਿਹਰਾਂ ਰਹਿੰਦੀਆਂ
ਢਲ ਜਾਂਦੀਆਂ.......
ਢਲ ਜਾਂਦੀਆਂ ਸ਼ਾਮ ਨੂੰ ਸ਼ਾਮਾਂ
ਖੂਹਾਂ ਵਾਂਗੂੰ ਗਿੜੇ ਜਿੰਦਗੀ
ਹੋਣ ਭਰਕੇ........
ਭਰਕੇ ਟਿੰਡਾਂ ਨਿੱਤ ਖਾਲੀ
ਆਵਾਗੌਣ ਚੱਲਦਾ ਰਹੇ
ਕੈਸੀ ਰੱਬ ਨੇ ......
ਰੱਬ ਨੇ ਬਣਾਈ ਦੁਨੀਆਂ
ਹੋਕੇ ਏਥੋਂ ਕਿੰਨੇ ਈ ਤੁਰਗੇ
ਪਿੱਛੇ ਰਹਿਗੀਆਂ....
ਰਹਿਗੀਆਂ ਰਾਖ ਦੀਆਂ ਢੇਰੀਆ
ਵਾਅ ਆਈ ਉੱਡ ਜਾਣੀਆਂ
ਮਨਾਂ ਮੂਰਖਾ.....
ਮੂਰਖਾ ਮਾਣ ਕਰੇਂ ਕਾਹਦਾ
ਤੇਰੀ ਕੀ ਔਕਾਤ ਜੱਗ ਤੇ
ਜਿਵੇੰ ਪਾਣੀ ਤੇ
ਪਾਣੀ ਤੇ ਰੇਤ ਦੀਆਂ ਕੰਧਾਂ
ਕਿੰਨੀ ਦੇਰ ਰਹਿਣ ਟਿਕੀਆਂ
ਪਤਾ ਹੰਝ ਨੂੰ
ਹੰਝ ਨੂੰ ਕਦੇ ਨਹੀਂ ਲਗਦਾ
ਬਾਜ ਪਵੇ ਜਦੋਂ ਰੱਬ ਦਾ
ਗੱਲ ਝੂਠ ਨੀ....
ਝੂਠ ਨੀ ਗੁਰੂ ਸੱਚ ਕਹਿ ਗਏ
ਪੜ੍ਹਕੇ ਤੂੰ ਵੇਖੀਂ ਬਾਣੀਆਂ
ਬਾਣੀਆਂ.....
ਬਾਣੀਆਂ .....
ਪ੍ਰੀਤ ਨੀ ਮੁੜ ਆਵਣਾ
ਲੰਘੇ ਪਾਣੀਆਂ ...............!
ਪ੍ਰੀਤ ਕਕਰਾਲਾ