ਕਦੇ ਕਦੇ ਜਜ਼ਬਾਤੀ ਹੋਕੇ, ਸ਼ੋਰ ਵੀ ਕਰਕੇ ਦੇਖੀਦਾ,
ਰੋਜ਼-ਮਰਾ ਦੀ ਜ਼ਿੰਦਗੀ ਤੋਂ ਹਟ,ਹੋਰ ਵੀ ਕਰਕੇ ਦੇਖੀਦਾ।
ਬਹੁਤੇ ਰੌਲ਼ੇ ਗੌਲੇ ਵਿੱਚ ਵੀ,ਸਬਰਾਂ ਦੇ ਘੁੱਟ ਭਰ ਲਈਦੇ,
ਕਦੇ ਕਦਾਈਂ ਹਰ ਆਮ ਲਈ , ਗੌਰ ਵੀ ਕਰਕੇ ਦੇਖੀਦਾ।
ਜਦੋਂ ਕਦੇ ਚੁੱਪ ਕੋਲੋਂ ਲੰਘ ਜਾਏ, ਹਾਕਾਂ ਮਾਰ ਬੁਲਾ ਲੈਂਦੇ ਹਾਂ,
ਮੱਥੇ ਵੱਜਦੇ ਕੲੀਆਂ ਨੂੰ ,ਇਗਨੋਅਰ ਵੀ ਕਰਕੇ ਦੇਖੀਦਾ।
ਸੋਕਿਆਂ ਦਾ ਜਦ ਮੌਸਮ ਚਲਦਾ, ਅੰਦਰ ਬਾਹਰ ਉਦਾਸੀ ਹੀ,
ਮਾਣਨ ਲੱਗਿਆਂ ਹਰ ਲਮਹਾ ਫਿਰ,ਲੋਰ ਵੀ ਕਰਕੇ ਦੇਖੀਦਾ।
ਸੋਚਾਂ ਦੀ ਹਰ ਚਹਿਲ ਪਹਿਲ ਵਿੱਚ,ਹਰ ਬੰਜਰ ਵੀ ਹਰਾ ਭਰਾ,
ਤੰਗਦਿਲੀ ਵਿੱਚ ਹਰ ਪਿੱਪਲ ਫਿਰ, ਥ੍ਹੋਰ ਵੀ ਕਰਕੇ ਦੇਖੀਦਾ।
ਵੈਸੇ ਤਾਂ ਹਰ ਇੱਕ ਲਈ ਆਪਾਂ,ਸਾਫ ਦ੍ਰਿਸ਼ਟੀ ਰੱਖਦੇ ਹਾਂ,
ਮਨ ਆਈ ਤੋਂ ਚਿੱਤ ਮਰਜਾਣੇ ਨੂੰ ,ਚੋਰ ਵੀ ਕਰਕੇ ਦੇਖੀਦਾ।
ਗੁੱਸੇ ਹੋ ਹੋ ਝੱਟ ਮਨ ਜਾਣਾ , ਸਾਡੇ ਹਿੱਸੇ ਆਇਆ ਹੈ,
ਡਾਢਿਆਂ ਨਾਲ ਜੇ ਮੱਥਾ ਲੱਗ ਜਾਏ, ਜ਼ੋਰ ਵੀ ਕਰਕੇ ਦੇਖੀਦਾ।
ਬਣ ਪਹਾੜ ਖੜ੍ਹ ਜਾਨੇ ਹਾਂ,ਹਰ ਮੁਸ਼ਕਲ ਦੇ ਅੱਗੇ ਪਰ,
ਯਾਦ ਤੇਰੀ ਵਿੱਚ ਪੱਥਰ ਦਿਲ, ਕਮਜ਼ੋਰ ਵੀ ਕਰਕੇ ਦੇਖੀਦਾ।