ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ।
ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ
ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ।
ਜੁ ਲੋ ਮੱਥੇ '"ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ਹੈ
ਤਵੀ ਦੇ ਤਖ਼ਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ
ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ
ਅਸਾਨੂੰ ਰੀਤ ਤੋਂ ਵਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ
ਤੂੰ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ
ਜੇ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋਂ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ
ਉਦੋਂ ਤੱਕ ਤੂੰ ਹੈਂ ਸਾਡੀ ਹਿੱਕ ਦੇ ਵਿਚ ਮਹਿਫ਼ੂਜ਼ ਮਰ ਕੇ ਵੀ
ਜਦੋਂ ਤਕ ਜਿਸਮ ਸਾਡੇ ਹੀ ਨਹੀਂ ਸੜ ਕੇ ਸੁਆਹ ਬਣਦੇ
ਫ਼ਕੀਰਾਂ ਦੇ ਸੁਖ਼ਨ, ਕੁਛ ਯਾਰ, ਕੁਝ ਤਾਰੀਖ਼ ਦੇ ਮੰਜ਼ਰ
ਜਦੋਂ ਮੈਂ ਜ਼ਖ਼ਮ ਖਾ ਲੈਨਾਂ, ਮੇਰੀ ਖ਼ਾਤਰ ਪਨਾਹ ਬਣਦੇ
ਮੈਂ ਇਕ ਗੱਲ ਜਾਣਦਾਂ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ
ਉਹ ਜਿਹੜੀ ਲਿਸ਼ਕ ਉਠਦੀ ਹੈ ਜਦੋਂ ਸਭ ਰੁਖ਼ ਸਿਆਹ ਬਣਦੇ
ਕਦੀ ਦਰਿਆ ਇਕੱਲਾ ਤੈ ਨਹੀਂ ਕਰਦਾ ਦਿਸ਼ਾ ਅਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਲ ਹੀ ਰਲ ਮਿਲ ਕੇ ਰਾਹ ਬਣਦੇ
ਅਚਨਚੇਤੀ ਕਿਸੇ ਬਿੰਦੂ 'ਚੋਂ ਚਸ਼ਮਾ ਫੁੱਟ ਪੈਂਦਾ ਹੈ
ਇਹ ਦਾਅਵੇਦਾਰ ਦਾਅਵੇਦਾਰ ਐਵੇਂ ਖਾਹਮਖਾਹ ਬਣਦੇ
ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ-ਬਿੰਦੂ ਹਾਂ, ਮੈਂ ਕੀ ਹਾਂ
ਜੇ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾਹ ਬਣਦੇ
ਇਹ ਤੁਰਦਾ ਕੌਣ ਹੈ, ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ
ਇਹ ਸੋਚਾਂ ਦਾ ਸਫ਼ਰ ਹੈ ਜਿਸ ਲਈ ਸੀਨੇ ਹੀ ਰਾਹ ਬਣਦੇ
ਜਦੋਂ ਤਕ ਲਫ਼ਜ਼ ਜਿਊਂਦੇ ਨੇ, ਸੁਖ਼ਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ
ਹਮੇਸ਼ਾ ਲੋਚਿਆ ਬਣਨਾ, ਤੁਹਾਡੇ ਪਿਆਰ ਦਾ ਪਾਤਰ
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ
-ਸੁਰਜੀਤ ਪਾਤਰ