ਕੁਝ ਰੁੱਖ ਮੈਨੂੰ ਪੁੱਤ ਲੱਗਦੇ ,
ਕੁਝ ਰੁੱਖ ਲੱਗਦੇ ਮਾਂਵਾਂ ।
ਕੁਝ ਰੁੱਖ ਨੂਹਾਂ ਧੀਆ ਲੱਗਦੇ ,
ਕੁਝ ਰੁੱਖ ਵਾਂਗ ਭਰਾਵਾਂ ।
ਕੁਝ ਰੁੱਖ ਮੇਰੇ ਬਾਬੇ ਵਾਕਣ,
ਪੱਤਰ ਟਾਵਾਂ ਟਾਵਾਂ ।
ਕੁਝ ਰੁੱਖ ਮੇਰੀ ਦਾਦੀ ਵਰਗੇ ,
ਚੂਰੀ ਪਾਵਣ ਕਾਵਾਂ ।
ਕੁਝ ਰੁੱਖ ਜਾਰਾ ਵਰਗੇ ਲੱਗਦੇ ,
ਚੁੰਮਾ ਤੇ ਗੱਲ ਨਾਲ ਲਾਵਾ ।
ਇਕ ਮੇਰੀ ਮਹਿਬੂਬਾਂ ਵਾਕਣ ,
ਮਿੱਠਾ ਅਤੇ ਦੁਖਾਵਾ।
ਕੁਝ ਰੁੱਖ ਮੇਰਾ ਦਿਲ ਕਰਦਾ ਏ,
ਮੋਢੇ ਚੁੱਕ ਖਿਡਾਵਾ ।
ਕੁਝ ਰੁੱਖ ਮੇਰਾ ਦਿਲ ਕਰਦਾ ਏ,
ਚੁੰਮਾ ਤੇ ਮਰ ਜਾਵਾ ।
ਕੁਝ ਰੁੱਖ ਜਦ ਵੀ ਰਲ ਕੇ ਝੂਮਣ ,
ਤੇਜ਼ ਵਗਣ ਜਦ ਹਵਾਵਾਂ ।
ਸਾਵੀ ਬੋਲੀ ਸਭ ਰੁੱਖਾਂ ਦੀ,
ਦਿਲ ਕਰਦਾ ਲਿਖ ਜਾਵਾ ।
ਮੇਰਾ ਵੀ ਏ ਦਿਲ ਕਰਦਾ ਏ ,
ਰੁੱਖ ਦੀ ਜੂਨੇ ਆਵਾ ।
ਜੇ ਤੁਸਾ ਮੇਰਾ ਗੀਤ ਹੈ ਸੁਣਨਾ ,
ਮੈਂ ਰੁੱਖਾਂ ਵਿੱਚ ਗਾਵਾਂ ।
ਰੁੱਖ ਤਾਂ ਮੇਰੀ ਮਾਂ ਵਰਗੇ ਨੇ ,
ਜਿਉਂ ਰੁੱਖਾਂ ਦੀਆ ਠੰਡੀਆ ਛਾਵਾਂ ।
~ਸ਼ਿਵ ਕੁਮਾਰ ਬਟਾਲਵੀ