shayari4u shayari4u

ਮਹਿੰਗਾਈ ਨੇ ਕੱਢਵਾਈਆਂ

ਮਹਿੰਗਾਈ ਨੇ ਕੱਢਵਾਈਆਂ ਚੀਕਾਂ
ਗਰਦਨ ਪਈ ਮਰੋੜੀ ਐ
ਚੱਲ ਫਿਰ ਵੀ ਸੱਜਣਾ ਸਾਡੇ ਵੱਲੋਂ
ਤੈਨੂੰ ਹੈਪੀ ਲੋਹੜੀ ਐ

ਧੀ ਦੇ ਵਿਆਹ ਵਾਲੇ ਦਿਨ ਹੀ
ਬਾਪੂ ਆਤਮਦਾਹ ਕਰ ਗਿਆ ਏ
ਪੁੱਤ ਕਿਸੇ ਦਾ ਫੌਜੀ ਉੱਧਰ
ਸਿਆਸਤਾਂ ਦੀ ਭੇਟ ਚੜ ਗਿਆ ਏ
ਮਾਵਾਂ ਦੇ ਸੀਨੇ ਵਿੱਚ ਚੀਸ ਉੱਠਦੀ
ਪਰ ਉੱਠਦੀ ਥੋੜੀ ਥੋੜੀ ਐ
ਚੱਲ ਫਿਰ ਵੀ ਸੱਜਣਾ ਸਾਡੇ ਵੱਲੋਂ
ਤੈਨੂੰ ਹੈਪੀ ਲੋਹੜੀ ਐ

ਮਾੜੀ ਨੀਤ ਹੈ ਲੈ ਬੈਠੀ ਸਾਨੂੰ
ਇੰਨਾਂ ਮਾੜੀਆਂ ਸਰਕਾਰਾਂ ਦੀ
ਦਿਨੋ ਦਿਨ ਗਿਣਤੀ ਵੱਧਦੀ ਜਾਂਦੀ
ਪੜੇ ਲਿਖੇ ਬੇਰੁਜ਼ਗਾਰਾਂ ਦੀ
ਕੁਰਸੀਆਂ ਤੱਕ ਸੀਮਿਤ ਹੋ ਗਈ
ਸੋਚ ਇਹਨਾ ਦੀ ਸੌੜੀ ਐ
ਚੱਲ ਫਿਰ ਵੀ ਸੱਜਣਾ ਸਾਡੇ ਵੱਲੋਂ
ਤੈਨੂੰ ਹੈਪੀ ਲੋਹੜੀ ਐ

ਕਿਹੜਾ ਹੁਣ ਮੋੜ ਲਿਆਵੇ
ਨਸਿਆਂ ਵਸ ਪਈ ਜਵਾਨੀ ਨੂੰ
ਕਰਜੇਆ ਨੇ ਹੈ ਫਾਹੇ ਟੰਗਿਆ
ਮਿਹਨਤਕਸ਼ ਕਿਸਾਨੀ ਨੂੰ
ਬਾਪੂ ਕੋਲੋ ਕਿਸਤ ਹੁਣ ਕਰਜੇ ਦੀ
ਕਦ ਜਾਂਦੀ ਮੋੜੀ ਐ
ਚੱਲ ਫਿਰ ਵੀ ਸੱਜਣਾ ਸਾਡੇ ਵੱਲੋਂ
ਤੈਨੂੰ ਹੈਪੀ ਲੋਹੜੀ ਐ

ਸਤੌਜ ਵਾਲਿਆ ਰੱਖ ਹੌਂਸਲੇ
ਦਿਨ ਉਹ ਮੁੜਕੇ ਆਵਣਗੇ
ਲੋਟੂਆਂ ਦੇ ਗਲ ਪਾ ਕੇ ਰੱਸੇ
ਲੋਕ ਇਹਨਾ ਨੂੰ ਲਟਕਾਵਣਗੇ
ਜਾਗ ਰਹੀ ਹੈ ਹੁਣ ਜਨਤਾ ਵੀਰੋ
ਭਾਵੇਂ ਜਾਗ ਰਹੀ ਥੋੜੀ ਥੋੜੀ ਐ
ਚੱਲ ਫਿਰ ਵੀ ਸੱਜਣਾ ਸਾਡੇ ਵੱਲੋਂ
ਤੈਨੂੰ ਹੈਪੀ ਲੋਹੜੀ ਐ