ਬਹੁਤ ਕੁਝ ਖੱਟਿਆ ਤੇ ਬਹੁਤ ਕੁਝ ਪਾ ਲਿਆ
ਜ਼ਿੰਦਗੀ ਮੈਂ ਤੈਨੂੰ ਰੱਜ ਰੱਜ ਕੇ ਹੰਢਾ ਲਿਆ !
ਕਦੇ ਮੈਂ ਸਮੁੰਦਰਾਂ ਚ ਮਾਰਦਾ ਸੀ ਤਾਰੀਆਂ
ਕਦੇ ਮੈਂ ਅਕਾਸ਼ ਵਿਚ ਮਾਰਦਾ ਉਡਾਰੀਆਂ
ਕਈ ਵਾਰੀ ਗੋਡਿਆਂ ਦੇ ਭਾਰ ਵੀ ਮੈਂ ਡਿਗਿਆ
ਕਈ ਵਾਰੀ ਆਪਣੇ ਹੀ ਹੰਝੂਆਂ ਚ ਭਿੱਜਿਆ
ਵੱਡੇ ਮੋਹਤਬਰਾਂ ਨਾਲ ਜਦੋਂ ਪੇਚ ਪਾ ਲਿਆ
ਜ਼ਿੰਦਗੀ ਮੈਂ ਤੈਨੂੰ ਰੱਜ ਰੱਜ ਕੇ ਹੰਢਾ ਲਿਆ !
ਕਈ ਵਾਰੀ ਦੰਗਲਾਂ ਚ ਪਿੱਠ ਮੇਰੀ ਲੱਗੀ ਸੀ
ਕਈ ਵਾਰੀ ਬਿਨਾ ਲੜੇ ਜਿੱਤ ਮੈਨੂੰ ਲੱਭੀ ਸੀ
ਕਈਆਂਕੋਲੋਂ ਹਾਰਿਆ ਤੇ ਕਈਆਂ ਨੂੰ ਮੈਂ ਢਾ ਲਿਆ
ਜ਼ਿੰਦਗੀ ਮੈਂ ਤੈਨੂੰ ਰੱਜ ਰੱਜ ਕੇ ਹੰਢਾ ਲਿਆ !
ਕਿਸੇ ਮਜ਼ਲੂਮ ਦੇ ਮੈਂ ਹੰਝੂ ਵੇਖ ਲੈਂਦਾ ਸੀ
ਨਾਂ ਜਾਣੇ ਮੈਨੂੰ ਇਕ ਦੌਰਾ ਜਿਹਾ ਪੈਂਦਾ ਸੀ
ਬਹੁਤਿਆਂ ਦਾ ਗ਼ਮ ਗਲੇ ਅਪਣੇ ਮੈਂ ਪਾ ਲਿਆ
ਜ਼ਿੰਦਗੀ ਮੈਂ ਤੈਨੂੰ ਰੱਜ ਰੱਜ ਕੇ ਹੰਢਾ ਲਿਆ !
ਆਖਦੇ ਨੇ ਲੋਕੀਂ ਹੁਣ ਸ਼ੇਰ ਬੁੱਢਾ ਹੋ ਗਿਆ
ਆਪਣੀ ਹੀ ਗੁਫਾ ਮੂਹਰੇ ਹੰਭ ਕੇ ਖੜੋ ਗਿਆ
ਜਿਸ ਨੇ ਜੋ ਆਖਿਆ ਮੈਂ ਝੋਲੀ ਵਿਚ ਪਾ ਲਿਆ
ਜ਼ਿੰਦਗੀ ਮੈਂ ਤੈਨੂੰ ਰੱਜ ਰੱਜ ਕੇ ਹੰਢਾ ਲਿਆ !
ਬਹੁਤ ਕੁਝ ਖੱਟਿਆ ਤੇ ਬਹੁਤ ਕੁਝ ਪਾ ਲਿਆ
ਜ਼ਿੰਦਗੀ ਮੈਂ ਤੈਨੂੰ ਰੱਜ ਰੱਜ ਕੇ ਹੰਢਾ ਲਿਆ !