ਦੱਸ ਤੇ ਸਹੀ ਹੋਇਆ ਕੀ ਏ
ਅੱਖਾਂ ਚੋਂ ਆਹ ਚੋੲਿਆ ਕੀ ਏ
ਗੱਲ ਗੱਲ ਤੇ ਤੂੰ ਰੋਈ ਜਾਨਾ
ਅੰਦਰ ਤੇਰੇ ਮੋਇਆ ਕੀ ਏ
ਦਿਲ ਦੀ ਸਾਨੂੰ ਕਿਉਂ ਨੀ ਦੱਸਦਾ
ਦਿਲ ਵਿੱਚ ਤੂੰ ਲੁਕੋਇਆ ਕੀ ਏ
ਥਾਂ ਥਾਂ ਤੇ ਕੀ ਲੱਭਦਾ ਫਿਰਨਾ
ਐਡਾ ਵੀ ਤੇਰਾ ਖੋਇਆ ਕੀ ਏ
ਨਾਲੀ ਚ ਆਹ ਰੰਗ ਏ ਕੇਹਾ
ਸੱਚ ਦੱਸ ਤੂੰ ਧੋਇਆ ਕੀ ਏ
ਹੱਥਾਂ ਚ ਕੰਡੇ ਕਿਉਂ ਲੱਗੇ ਤੇਰੇ
ਹੱਥਾਂ ਨਾਲ ਪਰੋਇਆ ਕੀ ਏ
ਮੋਢੇ ਨੀਵੇਂ ਕਰ ਕਰ ਤੁਰਨੈਂ
ਮੋਢਿਆਂ ਉੱਤੇ ਢੋਇਆ ਕੀ ਏ
ਅੱਖਾਂ ਵਿੱਚੋਂ ਸੂਲਾਂ ਉੱਗੀਆਂ
ਅੱਖਾਂ ਵਿੱਚ ਦੱਸ ਬੋਇਆ ਕੀ ਏ
ਦੱਸ ਤੇ ਸਹੀ ਹੋਇਆ ਕੀ ਏ
ਅੱਖਾਂ ਚੋਂ ਆਹ ਚੋੲਿਆ ਕੀ ਏ
ਲਵ ਏਸਕੋਬਰ ‼️